ਪੰਜਾਬ ਪੁਲਿਸ ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇੱਕ ਅੰਤਰਰਾਸ਼ਟਰੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ, ਫਿਰੋਜ਼ਪੁਰ/ਫਰੀਦਕੋਟ ਅਤੇ ਐਸਐਸਓਸੀ ਫਾਜ਼ਿਲਕਾ ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਵਿੱਚ, ਦੋ ਹਥਿਆਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਮੰਗਲ ਸਿੰਘ ਉਰਫ਼ ਮੰਗਲੀ ਅਤੇ ਗੁਰਮੀਤ ਸਿੰਘ ਵਜੋਂ ਹੋਈ ਹੈ, ਦੋਵੇਂ ਫਾਜ਼ਿਲਕਾ ਦੇ ਵਸਨੀਕ ਹਨ। ਦੋਸ਼ੀਆਂ ਤੋਂ 27 ਗੈਰ-ਕਾਨੂੰਨੀ ਪਿਸਤੌਲ (.30 ਬੋਰ) ਅਤੇ 470 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇਹ ਹਥਿਆਰ ਕਥਿਤ ਤੌਰ 'ਤੇ ਇੱਕ ਵਿਦੇਸ਼ੀ ਨੈੱਟਵਰਕ ਦੁਆਰਾ ਸੂਬੇ ਵਿੱਚ ਅਪਰਾਧਿਕ ਗਤੀਵਿਧੀਆਂ ਵਿੱਚ ਵਰਤਣ ਲਈ ਪਾਕਿਸਤਾਨ ਤੋਂ ਪੰਜਾਬ ਵਿੱਚ ਤਸਕਰੀ ਕੀਤੇ ਗਏ ਸਨ। ਪੁਲਿਸ ਨੇ ਇਹ ਸਫਲਤਾ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੁਹਾਰ ਜਮਸ਼ੇਰ ਨੇੜੇ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਹਾਸਲ ਕੀਤੀ।
ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਪਾਕਿਸਤਾਨ ਤੋਂ ਭੇਜੇ ਗਏ ਹਥਿਆਰ ਸੂਬੇ ਵਿੱਚ ਅਪਰਾਧ ਫੈਲਾਉਣ ਦੇ ਇਰਾਦੇ ਨਾਲ ਸਪਲਾਈ ਕੀਤੇ ਜਾ ਰਹੇ ਸਨ। ਪੁਲਿਸ ਦਾ ਮੰਨਣਾ ਹੈ ਕਿ ਇਸ ਨੈੱਟਵਰਕ ਦੇ ਵਿਦੇਸ਼ੀ ਅਪਰਾਧਿਕ ਗਿਰੋਹਾਂ ਨਾਲ ਸਬੰਧ ਹੋ ਸਕਦੇ ਹਨ, ਜੋ ਪੰਜਾਬ ਨੂੰ ਇੱਕ ਵਾਰ ਫਿਰ ਅਸਥਿਰ ਕਰਨ ਦੀ ਸਾਜ਼ਿਸ਼ ਰਚ ਰਹੇ ਸਨ।
ਇਸ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਏਆਈਜੀ ਸੀਆਈ ਫਿਰੋਜ਼ਪੁਰ ਗੁਰਸੇਵਕ ਸਿੰਘ ਬਰਾੜ ਨੇ ਦੱਸਿਆ ਕਿ ਭਰੋਸੇਯੋਗ ਜਾਣਕਾਰੀ 'ਤੇ ਕਾਰਵਾਈ ਕਰਦਿਆਂ, ਸੀਆਈ ਫਿਰੋਜ਼ਪੁਰ ਅਤੇ ਐਸਐਸਓਸੀ ਫਾਜ਼ਿਲਕਾ ਦੀਆਂ ਪੁਲਿਸ ਟੀਮਾਂ ਵੱਲੋਂ ਇੱਕ ਸਾਂਝਾ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਕਾਰਵਾਈ ਦੌਰਾਨ, ਫਾਜ਼ਿਲਕਾ ਵਿੱਚ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨੇੜੇ ਪਿੰਡ ਮੁਹਾਰ ਜਮਸ਼ੇਰ ਤੋਂ ਦੋ ਸ਼ੱਕੀ ਵਿਅਕਤੀਆਂ ਨੂੰ .30 ਬੋਰ ਦੇ 27 ਗੈਰ-ਕਾਨੂੰਨੀ ਹਥਿਆਰਾਂ ਅਤੇ 470 ਜ਼ਿੰਦਾ ਕਾਰਤੂਸਾਂ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
0 Comments